ਜਾਗਦੀਆਂ ਲਾਸ਼ਾਂ

ਚਿਰ ਪਿੱਛੋਂ ਅੱਖਾਂ ਖੋਲ੍ਹ ਕੇ ਚੱਲਿਆ ਤਾਂ

ਭੀੜ 'ਚ ਰੁੜ੍ਹੇ ਜਾਂਦੇ ਕੁਝ ਚਿਹਰੇ ਮਿਲੇ,

ਖਿਆਲਾਂ ਦੀ ਨਦੀ ਵਿੱਚ ਵਹੇ ਜਾ ਰਹੇ ਸਨ,

ਆਪਣੀਆਂ ਹੀ ਕਬਰਾਂ ਵਿੱਚ ਕੁਝ ਠਿਹਰੇ ਮਿਲੇ

ਚਿਹਰਾ ਮਿਲਿਆ ਇੱਕ ਬਜ਼ੁਰਗ ਮਜ਼ਦੂਰ ਦਾ

ਉਸਨੂੰ ਜਿਵੇਂ ਕੁਝ ਦਿਖ ਹੀ ਨੀ ਰਿਹਾ ਸੀ,

ਅੱਖਾਂ ਦੀ ਲਾਲੀ ਵਿਚ ਖਲਾਅ ਸੀ, ਹਨੇਰਾ ਸੀ,

ਬੋਲੀ 'ਤੇ ਲਗ ਚੁੱਕਾ ਸੀ ਸ਼ਾਯਦ, ਪਰ ਵਿਕ ਹੀ ਨੀ ਰਿਹਾ ਸੀ

ਚਿਹਰਾ ਮਿਲਿਆ ਇੱਕ ਮੁੱਛ ਫੁੱਟ ਜਿਹੇ ਜਵਾਨ ਦਾ

ਬਾਜ਼ਾਰੂ ਵਿੱਦਿਆ ਦੇ ਭੜੂਏ ਉਸਨੂੰ ਚੂੰਡ ਚੁੱਕੇ ਸਨ,

ਰੋਜ਼ ਕਤਲ ਹੁੰਦੇ ਸੁਪਨਿਆਂ ਦਾ ਸੰਤਾਪ ਹੰਢਾ ਰਿਹਾ ਸੀ ਸ਼ਾਯਦ,

ਉਸਦੇ ਬਿਖਰ ਰਹੇ ਟੁਕੜੇ ਵੀ, ਗਿੱਧ ਹੂੰਝ ਚੁੱਕੇ ਸਨ

ਇੱਕ ਚਿਹਰਾ ਮਿਲਿਆ ਪੜ੍ਹਨੇ ਜਾਂਦੀ ਬੱਚੀ ਦਾ

ਸ਼ਾਯਦ ਨੰਗੇ ਪੈਰਾਂ ਦੇ ਛਾਲੇ, ਉਸਨੂੰ ਬੇਮਲੂਮ ਸੀ,

ਖਾਲੀ ਜਿਹੇ ਬਸਤੇ 'ਚ ਜਦ ਇੱਟਾਂ ਭਰਨ ਲਗੀ,

ਤਾਂ ਇਹਸਾਸ ਹੋਇਆ ਕਿ ਬਸ, ਇਹੀ ਸਕੂਲ ਸੀ?

ਹਿੱਮਤ ਹੀ ਨਾ ਪਈ ਕੁਝ ਹੋਰ ਦੇਖ ਸਕਦਾ

ਮਰਦੀਆਂ ਸਧ੍ਧ੍ਰਾਂ ਦਾ ਸ਼ੋਰ ਵੀ, ਬੋਲ਼ਾ ਕਰ ਰਿਹਾ ਸੀ,

ਪੈਰਾਂ ਵਲ ਤੱਕਦਾ ਮੈਂ ਘਰੇ ਆ ਵੜਿਆ,

ਜਾਗਦੀਆਂ ਲਾਸ਼ਾਂ ਵਿੱਚ ਤੱਕ ਕੇ, ਐਨਾ ਡਰ ਗਿਆ ਸੀ