ਨਸ਼ੇੜੀ

ਮੇਰੇ ਪਿੰਡ ਦਾ ਨਸ਼ੇੜੀ ਜਦ ਨਿੱਕਾ ਸੀ,

ਉਹਦਾ ਪਿਓ ਮਰ ਗਿਆ,

ਘਰ ਦੇ ਕਲੇਸ਼ ਤੋਂ ਤੰਗ, ਸਲਫ਼ਾਸ ਪੀ ਕੇ,

ਆਪਣੀਆਂ ਚੀਕਾਂ ਆਪਣੇ ਪੁੱਤ ਦੇ ਸਿਹਰੇ ਧਰ ਗਿਆ।

ਪਿੰਡ ਵਾਲਿਆਂ ਦੇ ਮੇਹਣੇ ਸਹਿਣੇ ਜਦ ਮੁਮਕਿਨ ਨਾ ਰਹੇ,

ਤਾਂ ਨਸ਼ੇੜੀ ਦੀ ਮਾਂ ਉਸਨੂੰ ਵੇਹੜੇ ਵਿੱਚ ਖੇਢਦੇ ਛੱਡ,

ਸ਼ਾਯਦ ਆਪਣੀ ਲੀਰੋਂ ਲੀਰ ਹੋਈ ਉਮਰ ਨੂੰ ਸਮੇਟਣ,

ਆਪਣੀ ਧੀ ਨੂੰ ਕੁੱਛੜ ਚੁੱਕ, ਘਰੋਂ ਭੱਜ ਗਈ।

ਰੂੰ ਜਿਹੇ ਜਵਾਕ ਨੂੰ ਹਾਲੇ ਮਤ ਨਹੀਂ ਸੀ,

ਕਿ ਮਰਨਾ ਕੀ ਹੁੰਦਾ ਏ,

ਜਦੋਂ ਢਿੱਡ ਵਿੱਚ ਪੈਂਦੇ ਵਲ਼ ਉਸਨੂੰ ਇਹ ਸਿਖਾਣ ਲੱਗੇ,

ਕਿ ਛਾਬੇ ਵਿੱਚ ਪਈ ਰੋਟੀ ਮੁੱਕ ਵੀ ਜਾਂਦੀ ਏ।

ਮੇਰੇ ਪਿੰਡ ਦਾ ਨਸ਼ੇੜੀ, ਇਕ ਮੁੱਛ ਫੁੱਟ ਜਿਹਾ ਜਵਾਕ ਏ,

ਸਮੇਂ ਦਾ ਹਲੂਣਿਆ ਤੇ ਬਘਿਆੜਾਂ ਦਾ ਚੂੰਡਿਆ ਏ,

ਪਿੰਡ ਦੇ ਜਵਾਕਾਂ ਨੂੰ ਜ਼ਹਿਰ ਵੇਚ ਕੇ,

ਆਪਣੀ ਹੱਡੀਆਂ ਦੀ ਪੰਡ ਪਾਲ਼ ਰਿਹਾ ਏ।


Drug problem in Punjab is real. But it isn't always the addict's own doing. Sometimes, the society which love to hate them, is itself responsible for the demise of entire families.

This poem tells the story of a young man I know of, who bears the brunt of passionate hate from almost everyone in his village. From people who saw his slow death over years, who are now angry that his existence is corrupting their children.