ਪੱਥਰ

ਪੱਥਰਾਂ ਦੇ ਸ਼ਿਹਰ ਵਿਚ, ਇਸ਼ਕ਼ ਦਾ ਵਪਾਰ ਕੀਤਾ,

ਬਖਤ ਅਜ਼ਮਾ ਰਿਹਾ ਹਾਂ ਮੈਂ,

ਪੱਥਰਾਂ ਨਾਲ ਖਹਿੰਦਾ ਖਹਿੰਦਾ,

ਪੱਥਰ ਬਣਦਾ ਜਾ ਰਿਹਾ ਹਾਂ ਮੈਂ….,

ਇੱਕ ਚੰਨ ਚੜ੍ਹਿਆ ਬਿਰਹੋਂ ਦੇ ਸਦਕੇ,

ਇੱਕ ਫੁੱਲ ਜਿਸ ਮਹਿਕ ਖਿਲਾਰੀ,

ਪੱਥਰਾਂ ਲੜ ਲੱਗਾ ਹਾਂ , ਕੁਮਲ਼ਾ ਰਿਹਾ ਹਾਂ ਮੈਂ,

ਪੱਥਰਾਂ ਨਾਲ ਖਹਿੰਦਾ ਖਹਿੰਦਾ,

ਪੱਥਰ ਬਣਦਾ ਜਾ ਰਿਹਾ ਹਾਂ ਮੈਂ….

ਇੱਕ ਨੈਣ ਮੇਰੇ ਸਾਵਣ ਦੇ ਸਾਨੀ,

ਕੋਈ ਸੁੱਕੀ ਰਾਤ ਨਾ ਮਾਣੀ,

ਯਾਰ ਮੇਰਾ ਮੈਨੂੰ ਠੋਕਰ ਮਾਰੇ,

ਨਾ ਚੀਸ ਸੁਣੀ, ਨਾ ਜਾਣੀ,

ਸਿਦਕ ਕਮਾ ਰਿਹਾ ਹਾਂ, ਲੱਗੀਆਂ ਹੰਢਾ ਰਿਹਾ ਹਾਂ ਮੈਂ,

ਪੱਥਰਾਂ ਨਾਲ ਖਹਿੰਦਾ ਖਹਿੰਦਾ,

ਪੱਥਰ ਬਣਦਾ ਜਾ ਰਿਹਾ ਹਾਂ ਮੈਂ…

ਜ਼ਿਦ ਮੇਰੀ ਮੈਂ ਇਸ਼ਕ਼ ਕਮਾਉਣਾ,

ਆਪਣਾ ਆਪ ਗਵਾਉਣਾ,

ਯਾਰ ਮੇਰਾ ਮੇਰੀ ਰਮਜ਼ ਨਾ ਜਾਣੇ,

ਤਿਸ ਦੋਜ਼ਖ ਜੇਡ ਕੀ ਜਾਣਾ?

ਆਪਣੀ ਰੂਹ ਦੇ ਸੇਕ ਨਾਲ,

ਪੱਥਰ ਪਿਘਲਾ ਰਿਹਾ ਹਾਂ ਮੈਂ,

ਪੱਥਰਾਂ ਨਾਲ ਖਹਿੰਦਾ ਖਹਿੰਦਾ,

ਪੱਥਰ ਬਣਦਾ ਜਾ ਰਿਹਾ ਹਾਂ ਮੈਂ….